ਰੋਹਿਤ ਸ਼ਰਮਾ ਦੇ ਨਾਂ ਵੱਡਾ ਰਿਕਾਰਡ, ਵਨਡੇਅ ‘ਚ 11000 ਦੌੜਾਂ ਪੂਰੀਆਂ, ਸਚਿਨ-ਵਿਰਾਟ ਦੇ ਕਲੱਬ ‘ਚ ਮਿਲੀ ਜਗ੍ਹਾ

ਰੋਹਿਤ ਸ਼ਰਮਾ ਨੇ ਚੈਂਪੀਅਨਸ ਟਰਾਫੀ 2025 ਦੇ ਆਪਣੇ ਪਹਿਲੇ ਮੈਚ ਵਿੱਚ ਇੱਕ ਸ਼ਾਨਦਾਰ ਰਿਕਾਰਡ ਬਣਾਇਆ। ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਦੇ ਖਿਲਾਫ ਮੈਚ ਵਿੱਚ 11000 ਵਨਡੇਅ ਦੌੜਾਂ ਦੇ ਅੰਕੜੇ ਨੂੰ ਛੂਹ ਲਿਆ। ਇਸ ਦੇ ਨਾਲ ਰੋਹਿਤ ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਅਤੇ ਸੌਰਵ ਗਾਂਗੁਲੀ ਦੇ ਵਿਸ਼ੇਸ਼ ਕਲੱਬ ਵਿੱਚ ਸ਼ਾਮਲ ਹੋ ਗਏ। ਰੋਹਿਤ ਸ਼ਰਮਾ ਨੇ ਇਸ ਨੂੰ 11868 ਗੇਂਦਾਂ ਵਿੱਚ ਪੂਰਾ ਕੀਤਾ। ਉਹ ਸਭ ਤੋਂ ਘੱਟ ਗੇਂਦਾਂ ‘ਚ ਇਹ ਉਪਲਬਧੀ ਹਾਸਲ ਕਰਨ ਵਾਲੇ ਦੂਜੇ ਬੱਲੇਬਾਜ਼ ਹਨ, ਵਿਰਾਟ ਕੋਹਲੀ ਇਸ ਸੂਚੀ ‘ਚ ਸਿਖਰ ‘ਤੇ ਹਨ। ਕੋਹਲੀ ਨੇ ਵਨਡੇਅ ‘ਚ 11831 ਗੇਂਦਾਂ ‘ਤੇ ਆਪਣੀਆਂ ਗਿਆਰਾਂ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ। ਰੋਹਿਤ ਦੀ ਕਪਤਾਨੀ ‘ਚ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤਣ ਲਈ ਦੁਬਈ ਗਈ ਭਾਰਤੀ ਟੀਮ ਬੰਗਲਾਦੇਸ਼ ਨੂੰ ਹਰਾ ਕੇ ਜਿੱਤ ਨਾਲ ਸ਼ੁਰੂਆਤ ਕਰਨਾ ਚਾਹੇਗੀ।
ਸੱਜੇ ਹੱਥ ਦੇ ਬੱਲੇਬਾਜ਼ ਰੋਹਿਤ ਸ਼ਰਮਾ ਨੇ 261 ਪਾਰੀਆਂ ਵਿੱਚ 11 ਹਜ਼ਾਰ ਦੇ ਜਾਦੂਈ ਅੰਕੜੇ ਨੂੰ ਛੂਹਿਆ। ਸਭ ਤੋਂ ਘੱਟ ਪਾਰੀਆਂ ਵਿੱਚ ਇਸ ਅੰਕੜੇ ਤੱਕ ਪਹੁੰਚਣ ਦਾ ਰਿਕਾਰਡ ਵਿਰਾਟ ਕੋਹਲੀ ਨੇ 222 ਪਾਰੀਆਂ ਵਿੱਚ ਹਾਸਲ ਕੀਤਾ ਸੀ। ਸਚਿਨ ਤੇਂਦੁਲਕਰ ਨੇ 276 ਪਾਰੀਆਂ, ਰਿਕੀ ਪੋਂਟਿੰਗ ਨੇ 286 ਅਤੇ ਸੌਰਵ ਗਾਂਗੁਲੀ ਨੇ 288 ਪਾਰੀਆਂ ਵਿੱਚ ਇਹ ਉਪਲਬਧੀ ਹਾਸਲ ਕੀਤੀ।
ਰੋਹਿਤ ਸ਼ਰਮਾ 36 ਗੇਂਦਾਂ ਵਿੱਚ 41 ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਸ਼ਰਮਾ ਨੇ ਆਪਣੀ ਪਾਰੀ ‘ਚ 7 ਚੌਕੇ ਲਗਾਏ। ਰੋਹਿਤ ਨੇ ਸ਼ੁਭਮਨ ਗਿੱਲ ਨਾਲ ਮਿਲ ਕੇ ਪਹਿਲੀ ਵਿਕਟ ਲਈ 69 ਦੌੜਾਂ ਦੀ ਸਾਂਝੇਦਾਰੀ ਕੀਤੀ। ਸਚਿਨ ਤੇਂਦੁਲਕਰ ਨੇ ਵਨਡੇਅ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਸਚਿਨ ਨੇ 452 ਪਾਰੀਆਂ ‘ਚ 18426 ਦੌੜਾਂ ਬਣਾਈਆਂ ਹਨ, ਜਦਕਿ ਵਿਰਾਟ ਕੋਹਲੀ 285 ਪਾਰੀਆਂ ‘ਚ 13963 ਦੌੜਾਂ ਬਣਾ ਕੇ ਦੂਜੇ ਸਥਾਨ ‘ਤੇ ਹਨ, ਜਦਕਿ ਗਾਂਗੁਲੀ 297 ਪਾਰੀਆਂ ‘ਚ 11221 ਦੌੜਾਂ ਬਣਾ ਕੇ ਇਸ ਸੂਚੀ ‘ਚ ਚੌਥੇ ਸਥਾਨ ‘ਤੇ ਹਨ।
ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਬੰਗਲਾਦੇਸ਼ ਦੇ ਖਿਲਾਫ ਮੈਚ ‘ਚ 5 ਵਿਕਟਾਂ ਲਈਆਂ ਸਨ, ਇਸ ਦੌਰਾਨ ਸ਼ਮੀ ਨੇ ਵਨਡੇਅ ‘ਚ 200 ਵਿਕਟਾਂ ਵੀ ਪੂਰੀਆਂ ਕੀਤੀਆਂ ਸਨ। ਸ਼ਮੀ ਸਭ ਤੋਂ ਘੱਟ ਗੇਂਦਾਂ ‘ਚ 200 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਮਿਸ਼ੇਲ ਸਟਾਰਕ ਦਾ ਰਿਕਾਰਡ ਤੋੜਿਆ ਹੈ, ਜਿਸ ‘ਚ ਸ਼ਮੀ ਪਹਿਲੀ ਵਾਰ ਚੈਂਪੀਅਨਸ ਟਰਾਫੀ ‘ਚ ਖੇਡ ਰਹੇ ਹਨ।