ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਨੂੰ IMF ਨੇ ਜਾਰੀ ਕੀਤਾ 7 ਬਿਲੀਅਨ ਡਾਲਰ ਦਾ ਲੋਨ

ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਜਦੋਂ ਕਿਤੋਂ ਵੀ ਰਾਹਤ ਮਿਲਦੀ ਨਜ਼ੇਰ ਨਹੀਂ ਆ ਰਹੀ ਸੀ, ਅਜਿਹੇ ਹਾਲਾਤ ਵਿੱਚ ਪਾਕਿਸਤਾਨ ਲਈ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੇ ਵੱਡਾ ਤੋਹਫਾ ਦਿੱਤਾ ਹੈ।
ਅੰਤਰਰਾਸ਼ਟਰੀ ਮੁਦਰਾ ਫੰਡ ਨੇ ਪਾਕਿਸਤਾਨ ਨੂੰ 7 ਅਰਬ ਡਾਲਰ ਦਾ ਕਰਜ਼ਾ ਦਿੱਤਾ ਹੈ। ਇਸ ਨਾਲ ਨਕਦੀ ਦੀ ਘਾਟ ਵਾਲੇ ਦੇਸ਼ ਦੇ ਮੌਜੂਦਾ ਆਰਥਿਕ ਸੰਕਟ ਨਾਲ ਨਜਿੱਠਣ ਲਈ ਯਤਨਾਂ ਨੂੰ ਮਜ਼ਬੂਤ ਕਰਨ ਲਈ $1.1 ਅਰਬ ਤੋਂ ਘੱਟ ਦੇ ਕਰਜ਼ੇ ਦੀ ਪਹਿਲੀ ਕਿਸ਼ਤ ਤੁਰੰਤ ਜਾਰੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
37 ਮਹੀਨਿਆਂ ਦੀ ਕਿਸ਼ਤ ‘ਤੇ ਦਿੱਤਾ ਜਾ ਰਿਹਾ ਲੋਨ: ਅਧਿਕਾਰੀਆਂ ਨੇ ਦੱਸਿਆ ਕਿ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ ਕਾਰਜਕਾਰੀ ਬੋਰਡ ਨੇ ਨਕਦੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਲਈ 7 ਅਰਬ ਡਾਲਰ ਦੇ ਨਵੇਂ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪਾਕਿਸਤਾਨ ਨੂੰ ਇਹ ਮਨਜ਼ੂਰੀ ਦੋ ਮਹੀਨੇ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਮਿਲੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸਲਾਮਾਬਾਦ ਨੂੰ ਇਹ ਕਰਜ਼ਾ 37 ਮਹੀਨਿਆਂ ਦੀਆਂ ਕਿਸ਼ਤਾਂ ਵਿੱਚ ਦਿੱਤਾ ਜਾਵੇਗਾ। IMF ਨੇ ਪਾਕਿਸਤਾਨ ਨੂੰ ਇਹ ਕਰਜ਼ਾ ਆਪਣੀ ਕਮਜ਼ੋਰ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਦਿੱਤਾ ਹੈ।
ਪਾਕਿ ਪ੍ਰਧਾਨ ਮੰਤਰੀ ਨੇ IMF ਦਾ ਕੀਤਾ ਧੰਨਵਾਦ: ਇਸ ਮਾਮਲੇ ਨਾਲ ਸਬੰਧਤ ਮੀਟਿੰਗ 25 ਸਤੰਬਰ ਨੂੰ ਹੋਈ ਸੀ। IMF ਬੋਰਡ ਦੀ 25 ਸਤੰਬਰ ਨੂੰ ਵਾਸ਼ਿੰਗਟਨ ‘ਚ ਬੈਠਕ ਹੋਈ ਸੀ, ਜਿਸ ‘ਚ ਪਾਕਿਸਤਾਨ ਨਾਲ ਸਟਾਫ ਪੱਧਰ ਦੇ ਸਮਝੌਤੇ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਇਸ ਤੋਂ ਪਹਿਲਾਂ, ਪਾਕਿਸਤਾਨ ਨੇ ਆਪਣੇ ਖੇਤੀਬਾੜੀ ਆਮਦਨ ਕਰ ਵਿੱਚ ਸੁਧਾਰ ਕਰਨ, ਸੂਬਿਆਂ ਨੂੰ ਕੁਝ ਵਿੱਤੀ ਜ਼ਿੰਮੇਵਾਰੀਆਂ ਤਬਦੀਲ ਕਰਨ ਅਤੇ ਸਬਸਿਡੀਆਂ ਨੂੰ ਸੀਮਤ ਕਰਨ ਦਾ ਵਾਅਦਾ ਕੀਤਾ ਸੀ।
ਇਕ ਬਿਆਨ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਉਸ ਡੀਲ ਦੀ ਸ਼ਲਾਘਾ ਕੀਤੀ, ਜਿਸ ‘ਤੇ ਉਨ੍ਹਾਂ ਦੀ ਟੀਮ ਜੂਨ ਤੋਂ ਆਈਐੱਮਐੱਫ ਨਾਲ ਗੱਲਬਾਤ ਕਰ ਰਹੀ ਸੀ। ਉਨ੍ਹਾਂ ਨੇ ਮਨਜ਼ੂਰੀ ਲਈ ਆਈਐਮਐਫ ਦੀ ਮੁਖੀ ਕ੍ਰਿਸਟਾਲੀਨਾ ਜਾਰਜੀਵਾ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੂੰ ਇਸ ਕਰਜ਼ੇ ਤੋਂ ਤੁਰੰਤ 1 ਅਰਬ ਡਾਲਰ ਮਿਲਣਗੇ।