ਅਮਰੀਕੀ ਰਾਸ਼ਟਰਪਤੀ ਦੀ ਚਿਤਾਵਨੀ ਦੇ ਬਾਵਜੂਦ ਇਜ਼ਰਾਈਲੀ ਫ਼ੌਜ ਲੇਬਨਾਨ ‘ਚ ਜ਼ਮੀਨੀ ਹਮਲੇ ਦੀ ਕਰ ਰਹੀ ਤਿਆਰੀ

ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਟਕਰਾਅ ਆਪਣੇ ਸਿਖਰ ‘ਤੇ ਹੈ। ਹਿਜ਼ਬੁੱਲਾ ਨਾਲ ਵਧਦੇ ਸੰਘਰਸ਼ ਦੇ ਵਿਚਕਾਰ, ਇਜ਼ਰਾਈਲੀ ਫੌਜ ਮੁਖੀ ਨੇ ਫੌਜਾਂ ਨੂੰ ਲੇਬਨਾਨ ਵਿੱਚ ਜ਼ਮੀਨੀ ਹਮਲੇ ਲਈ ਤਿਆਰ ਰਹਿਣ ਲਈ ਕਿਹਾ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਈਰਾਨ ਸਮਰਥਿਤ ਸਮੂਹ ਹਿਜ਼ਬੁੱਲਾ ਦੇ ਖਿਲਾਫ ਵੱਡੇ ਹਮਲੇ ‘ਦੁਸ਼ਮਣ ਦੇ ਖੇਤਰ ‘ਚ ਦਾਖਲ ਹੋਣ’ ਦਾ ਰਸਤਾ ਸਾਫ ਕਰ ਸਕਦੇ ਹਨ।
ਇਹ ਅਜਿਹੇ ਸਮੇਂ ‘ਚ ਹੋ ਰਿਹਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ (Joe Biden) ਨੇ ਮੱਧ ਪੂਰਬ ‘ਚ ‘ਪੂਰੀ ਜੰਗ’ ਦੇ ਖਿਲਾਫ ਚਿਤਾਵਨੀ ਦਿੱਤੀ ਹੈ ਅਤੇ ਦੁਸ਼ਮਣੀ ਖਤਮ ਕਰਨ ਲਈ 21 ਦਿਨਾਂ ਦੇ ਜੰਗਬੰਦੀ ਸਮਝੌਤੇ ‘ਤੇ ਗੱਲਬਾਤ ਕੀਤੀ ਹੈ।
ਵਧ ਰਹੇ ਹਨ ਇਜ਼ਰਾਈਲੀ ਹਮਲੇ
ਇਜ਼ਰਾਈਲ ਵੱਲੋਂ ਹਿਜ਼ਬੁੱਲਾ ਦੇ ਖਿਲਾਫ ਦੇਸ਼ ਵਿੱਚ ਹਵਾਈ ਹਮਲੇ ਤੇਜ਼ ਕੀਤੇ ਗਏ ਹਨ। ਲੇਬਨਾਨ ਦੇ ਸਿਹਤ ਅਧਿਕਾਰੀਆਂ ਦੇ ਅਨੁਸਾਰ ਬੁੱਧਵਾਰ ਨੂੰ ਲਗਭਗ 72 ਲੋਕ ਮਾਰੇ ਗਏ ਅਤੇ 233 ਹੋਰ ਜ਼ਖਮੀ ਹੋਏ ਹਨ। ਇਜ਼ਰਾਇਲੀ ਫੌਜੀਆਂ ਨੂੰ ਸੰਬੋਧਿਤ ਕਰਦੇ ਹੋਏ ਫੌਜ ਦੇ ਮੁਖੀ ਲੈਫਟੀਨੈਂਟ ਜਨਰਲ ਹਰਜ਼ੀ ਹਲੇਵੀ ਨੇ ਕਿਹਾ, “ਤੁਸੀਂ ਜੈੱਟਸ ਦੀ ਆਵਾਜ਼ ਸੁਣ ਸਕਦੇ ਹੋ। ਅਸੀਂ ਸਾਰਾ ਦਿਨ ਹਮਲਾ ਕਰ ਰਹੇ ਹਾਂ। ਇਹ ਤੁਹਾਡੇ ਦਾਖਲੇ ਲਈ ਜ਼ਮੀਨ ਤਿਆਰ ਕਰਨ ਅਤੇ ਹਿਜ਼ਬੁੱਲਾ ਨੂੰ ਕਮਜ਼ੋਰ ਕਰਨ ਲਈ ਹੈ।”
ਇਮੈਨੁਅਲ ਮੈਕਰੋਨ ਨੇ ਸੰਘਰਸ਼ ਨੂੰ ਖਤਮ ਕਰਨ ‘ਤੇ ਜ਼ੋਰ ਦਿੱਤਾ: ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਕਿਹਾ, “ਲੇਬਨਾਨ ਵਿੱਚ ਕੋਈ ਜੰਗ ਨਹੀਂ ਹੋ ਸਕਦੀ। ਇਸੇ ਲਈ ਅਸੀਂ ਇਜ਼ਰਾਈਲ ਨੂੰ ਲੇਬਨਾਨ ਅਤੇ ਹਿਜ਼ਬੁੱਲਾ ‘ਤੇ ਹਮਲਿਆਂ ਵਿੱਚ ਵਾਧੇ ਨੂੰ ਰੋਕਣ ਦੀ ਅਪੀਲ ਕਰਦੇ ਹਾਂ।” ਫਰਾਂਸ ਦੇ ਰਾਸ਼ਟਰਪਤੀ ਦਾ ਇਹ ਬਿਆਨ ਮੱਧ ਪੂਰਬ ਦੇ ਸੰਘਰਸ਼ ਨੂੰ ਖਤਮ ਕਰਨ ਲਈ 21 ਦਿਨਾਂ ਦੀ ‘ਅਸਥਾਈ ਜੰਗਬੰਦੀ’ ਪ੍ਰਸਤਾਵ ‘ਤੇ ਬਾਈਡਨ (Joe Biden) ਨਾਲ ਗੱਲਬਾਤ ਤੋਂ ਤੁਰੰਤ ਬਾਅਦ ਆਇਆ ਹੈ।
ਇਜ਼ਰਾਈਲ ਨੇ ਸੋਮਵਾਰ ਨੂੰ ਹਿਜ਼ਬੁੱਲਾ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਦੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਲੇਬਨਾਨ ਵਿੱਚ 600 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਇਸ ਦੌਰਾਨ ਲੇਬਨਾਨ ਵਿੱਚ ਲਗਭਗ 90 ਹਜ਼ਾਰ ਲੋਕ ਬੇਘਰ ਹੋਏ ਹਨ। ਇਸ ਤੋਂ ਇਲਾਵਾ ਤਣਾਅ ਵਧਣ ਤੋਂ ਪਹਿਲਾਂ ਲਗਭਗ 110,000 ਲੋਕ ਆਪਣੇ ਘਰ ਛੱਡ ਕੇ ਜਾ ਤੁੱਕੇ ਹਨ।
ਏਬੀਸੀ ਨਿਊਜ਼ ਨਾਲ ਇੰਟਰਵਿਊ ਦੌਰਾਨ ਲੇਬਨਾਨ ਦੀ ਸਥਿਤੀ ਬਾਰੇ ਪੁੱਛੇ ਜਾਣ ‘ਤੇ, ਰਾਸ਼ਟਰਪਤੀ ਬਾਈਡਨ (Joe Biden) ਨੇ ਕਿਹਾ, “ਇੱਕ ਵੱਡੀ ਜੰਗ ਸੰਭਵ ਹੈ ਪਰ ਮੈਨੂੰ ਲੱਗਦਾ ਹੈ ਕਿ ਅਜੇ ਵੀ ਇੱਕ ਅਜਿਹਾ ਸਮਝੌਤਾ ਕੀਤਾ ਜਾ ਸਕਦਾ ਹੈ ਜੋ ਪੂਰੀ ਸ਼ਾਂਤੀ ਨੂੰ ਯਕੀਨੀ ਬਣਾਵੇਗਾ।”
ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ “ਅਮਰੀਕਾ ਅਤੇ ਫਰਾਂਸ ਨੇ ਲੇਬਨਾਨ-ਇਜ਼ਰਾਈਲ ਸਰਹੱਦ ‘ਤੇ ਤੁਰੰਤ 21 ਦਿਨਾਂ ਦੀ ਜੰਗਬੰਦੀ ਦੀ ਮੰਗ ਕੀਤੀ ਹੈ ਤਾਂ ਜੋ ਕੂਟਨੀਤਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਕੂਟਨੀਤੀ ਲਈ ਜਗ੍ਹਾ ਦਿੱਤੀ ਜਾ ਸਕੇ। ਸਥਿਤੀ ‘ਅਸਹਿਣਯੋਗ’ ਬਣ ਗਈ ਹੈ ਅਤੇ ਇਹ ਨਾ ਤਾਂ ਇਜ਼ਰਾਈਲ ਲਈ ਅਤੇ ਨਾ ਹੀ ਲੇਬਨਾਨ ਦੇ ਲੋਕਾਂ ਲਈ ਲਾਭਕਾਰੀ ਹੈ।”